ਪਾਕਿਸਤਾਨੀ ਟੀਵੀ ਐਂਕਰ ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਾਤਾਂ ‘ਚ ਮੌਤ

AGENCY

ਨਵੀਂ ਦਿੱਲੀ, 9 ਨਵੰਬਰ 2026 : ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਇੱਕ ਨਿੱਜੀ ਟੀਵੀ ਚੈਨਲ ਦੀ ਐਂਕਰ ਰਾਬੀਆ ਅਹਿਸਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਉਹ ਆਪਣੇ ਘਰ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ ਸੀ। ਗੋਲੀ ਉਨ੍ਹਾਂ ਦੇ ਗਲੇ ਤੋਂ ਹੇਠਾਂ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਵਿੱਚ ਉਨ੍ਹਾਂ ਦੇ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਮੁੱਢਲੀ ਜਾਣਕਾਰੀ ਅਨੁਸਾਰ, ਰਾਬੀਆ ਦੇ ਪਤੀ ਨੇ ਪੁਲਿਸ ਕੋਲ ਦਾਅਵਾ ਕੀਤਾ ਕਿ ਬੰਦੂਕ ਵਿੱਚੋਂ ਅਚਾਨਕ ਗੋਲੀ ਚੱਲ ਗਈ ਸੀ। ਹਾਲਾਂਕਿ, ਰਾਬੀਆ ਦੇ ਭਰਾ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਗੋਲੀ ਚਲਾਉਣ ਲਈ ਵਰਤੀ ਗਈ ਸ਼ੱਕੀ ਬੰਦੂਕ ਵੀ ਬਰਾਮਦ ਕਰ ਲਈ ਹੈ।

shriram farm advertisement

ਰਾਵਲਪਿੰਡੀ ਦੇ ਸਿਟੀ ਪੁਲਿਸ ਅਧਿਕਾਰੀ ਹਸਨ ਸੁਖੇਰਾ ਮੁਤਾਬਕ, ਜਦੋਂ ਗੋਲੀ ਚੱਲੀ ਤਾਂ ਰਾਬੀਆ ਦੀਆਂ ਦੋਵੇਂ ਧੀਆਂ ਘਰ ਦੇ ਲਾਅਨ ਵਿੱਚ ਆਪਣੀ ਨਾਨੀ ਨਾਲ ਬੈਠੀਆਂ ਹੋਈਆਂ ਸਨ। ਪੁਲਿਸ ਵੱਲੋਂ ਘਰ ਵਿੱਚ ਕੰਮ ਕਰਨ ਵਾਲੇ ਇੱਕ ਮੁਲਾਜ਼ਮ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸਦਰ ਬੇਰੂਨੀ ਥਾਣੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਦੀ ਟੀਮ ਵੱਲੋਂ ਘਰ ਦੀ ਜਾਂਚ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

41 ਸਾਲਾ ਰਾਬੀਆ ਗੁਲਸ਼ਨਾਬਾਦ ਇਲਾਕੇ ਵਿੱਚ ਰਹਿੰਦੀ ਸੀ ਅਤੇ ਇੱਕ ਨਿੱਜੀ ਟੀਵੀ ਚੈਨਲ ਵਿੱਚ ਐਂਕਰ ਵਜੋਂ ਕੰਮ ਕਰਦੀ ਸੀ। ਇਸ ਤੋਂ ਪਹਿਲਾਂ ਉਹ ਸੀਨੀਅਰ ਪੱਤਰਕਾਰ ਆਮਿਰ ਮਤੀਨ ਅਤੇ ਰਊਫ ਕਲਾਸਰਾ ਨਾਲ ਕਰੰਟ ਅਫੇਅਰਜ਼ ਦੇ ਪ੍ਰੋਗਰਾਮ ਵੀ ਹੋਸਟ ਕਰਦੀ ਰਹੀ ਸੀ।

ਰਾਬੀਆ ਦੀ ਮੌਤ ‘ਤੇ ਪਾਕਿਸਤਾਨ ਦੇ ਰਾਸ਼ਟਰਪਤੀ ਦੀ ਪਤਨੀ ਆਸਿਫ਼ਾ ਭੁੱਟੋ ਜ਼ਰਦਾਰੀ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।

Tags: #PAKISTAN NEWS #RABIA #TV ANCHOR #ਪਾਕਿਸਤਾਨੀ ਟੀਵੀ ਐਂਕਰ ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਾਤਾਂ ‘ਚ ਮੌਤ
ਇਹ ਖਬਰ ਸ਼ੇਅਰ ਕਰੋ:

ਹੋਰ ਖਬਰਾਂ ਪੜ੍ਹੋ