ਦਲੇਰ ਮਹਿੰਦੀ ਦੇ ਹੱਕ ’ਚ ਨਿੱਤਰੇ DSGMC ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨ

AGENCY

ਚੰਡੀਗੜ੍ਹ, 21 ਅਕਤੂਬਰ 2026 : ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਲੈ ਕੇ ਉੱਤਰਾਖੰਡ ਦੇ ਮੰਤਰੀ ਸੁਬੋਧ ਉਨਿਆਲ ਵੱਲੋਂ ਕੀਤੀ ਗਈ ਟਿੱਪਣੀ ਦਾ ਮਾਮਲਾ ਭਖ ਗਿਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦਲੇਰ ਮਹਿੰਦੀ ਦੇ ਹੱਕ ਵਿੱਚ ਨਿੱਤਰੇ ਹਨ। ਦੋਵਾਂ ਨੇ ਮੰਤਰੀ ਵੱਲੋਂ ਵਰਤੀ ਗਈ ਭਾਸ਼ਾ ਦੀ ਨਿੰਦਾ ਕਰਦਿਆਂ ਉਨ੍ਹਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਲੇਰ ਮਹਿੰਦੀ ਇੱਕ ਸੀਨੀਅਰ ਕਲਾਕਾਰ ਹਨ, ਜੋ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਲਾਕਾਰ ਲਈ ਵਰਤੀ ਗਈ ਭਾਸ਼ਾ ਠੀਕ ਨਹੀਂ ਸੀ ਅਤੇ ਮੰਤਰੀ ਨੂੰ ਜਨਤਕ ਤੌਰ ’ਤੇ ਅਜਿਹੀ ਟਿੱਪਣੀ ਨਹੀਂ ਕਰਨੀ ਚਾਹੀਦੀ ਸੀ। ਕਾਲਕਾ ਨੇ ਕਿਹਾ ਕਿ ਦਲੇਰ ਮਹਿੰਦੀ ਦਾ ਪਰਿਵਾਰ ਗੁਰੂ ਘਰ ਅਤੇ ਕੀਰਤਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਬਾਰੇ ਇਸ ਤਰ੍ਹਾਂ ਦੇ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ। ਜੇਕਰ ਕੋਈ ਇਤਰਾਜ਼ ਸੀ ਤਾਂ ਮੰਤਰੀ ਨਿੱਜੀ ਤੌਰ ’ਤੇ ਗੱਲ ਕਰ ਸਕਦੇ ਸਨ।

shriram farm advertisement

ਕਾਲਕਾ ਨੇ ਕਿਹਾ ਕਿ ਦਲੇਰ ਮਹਿੰਦੀ ਦੇ ਸਮਰਥਨ ਵਿੱਚ ਬਾਲੀਵੁੱਡ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕ ਸਾਹਮਣੇ ਆ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਨੂੰ ਪੰਜਾਬ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਦਕਿ ਕਿਸੇ ਕਲਾਕਾਰ ਬਾਰੇ ਜਨਤਕ ਮੰਚ ਤੋਂ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਦਲੇਰ ਮਹਿੰਦੀ ਨਸ਼ਾ ਨਹੀਂ ਕਰਦੇ ਅਤੇ ਉਨ੍ਹਾਂ ਬਾਰੇ ਜਿਸ ਤਰ੍ਹਾਂ ਦੀ ਟਿੱਪਣੀ ਕੀਤੀ ਗਈ ਹੈ, ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਪ੍ਰੋਗਰਾਮ ਸ਼ਾਮ 6 ਵਜੇ ਸ਼ੁਰੂ ਹੋਣਾ ਸੀ, ਪਰ ਇਹ ਰਾਤ 11 ਵਜੇ ਸ਼ੁਰੂ ਹੋਇਆ। ਉਨ੍ਹਾਂ ਮੁਤਾਬਕ, ਦਲੇਰ ਮਹਿੰਦੀ ਨੇ ਸਟੇਜ ’ਤੇ ਕਰੀਬ ਤਿੰਨ ਘੰਟੇ ਪ੍ਰਦਰਸ਼ਨ ਕੀਤਾ। ਦੋਵਾਂ ਆਗੂਆਂ ਨੇ ਦਲੇਰ ਮਹਿੰਦੀ ਨਾਲ ਖੜ੍ਹੇ ਹੋਣ ਦਾ ਐਲਾਨ ਕਰਦਿਆਂ ਉੱਤਰਾਖੰਡ ਦੇ ਮੰਤਰੀ ਸੁਬੋਧ ਉਨਿਆਲ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ।

Tags: #ਦਲੇਰ ਮਹਿੰਦੀ ਦੇ ਹੱਕ ’ਚ ਨਿੱਤਰੇ DSGMC ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨ
ਇਹ ਖਬਰ ਸ਼ੇਅਰ ਕਰੋ:

ਹੋਰ ਖਬਰਾਂ ਪੜ੍ਹੋ