PS MITTHA
ਚੰਡੀਗੜ੍ਹ, 3 ਨਵੰਬਰ : ਪੰਚਕੂਲਾ ਪੁਲਿਸ ਦੀ ਇਕਨਾਮਿਕ ਸੈੱਲ ਨੇ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਅਨਮੋਲ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ’ਤੇ ਕਰੀਬ 3.98 ਕਰੋੜ ਰੁਪਏ ਦੀ ਠੱਗੀ ਕਰਨ ਦਾ ਦੋਸ਼ ਹੈ। ਇਹ ਕਾਰਵਾਈ ਇਕਨਾਮਿਕ ਸੈੱਲ ਦੇ ਇੰਚਾਰਜ ਤਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ।
ਪੁਲਿਸ ਮੁਤਾਬਕ, MBA ਪਾਸ ਮੁਲਜ਼ਮ ਨੇ ਲੋਕਾਂ ਨੂੰ ਪ੍ਰਾਪਰਟੀ ਵਿੱਚ ਪੈਸਾ ਲਗਾਉਣ ਬਦਲੇ ਵੱਡਾ ਮੁਨਾਫ਼ਾ ਦਿਵਾਉਣ ਦਾ ਲਾਲਚ ਦਿੱਤਾ। ਉਹ ਨਿਵੇਸ਼ ਦੇ ਨਾਂ ’ਤੇ ਲੋਕਾਂ ਤੋਂ ਰਕਮ ਇਕੱਠੀ ਕਰਦਾ ਸੀ, ਪਰ ਇਸ ਪੈਸੇ ਨੂੰ ਪ੍ਰਾਪਰਟੀ ਵਿੱਚ ਲਗਾਉਣ ਦੀ ਬਜਾਏ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰ ਦਿੰਦਾ ਸੀ। ਬਾਅਦ ਵਿੱਚ ਉਹ ਲੋਕਾਂ ਨੂੰ ਉਨ੍ਹਾਂ ਦੀ ਰਕਮ ਵਾਪਸ ਨਹੀਂ ਕਰਦਾ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਹੁਣ ਤੱਕ ਕਰੀਬ 15 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਉਸ ਖ਼ਿਲਾਫ਼ ਕੁੱਲ ਚਾਰ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਇਕ ਮਾਮਲੇ ਵਿੱਚ ਹੀ ਕਰੀਬ 81 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ।
ਪੁਲਿਸ ਨੇ ਮੁਲਜ਼ਮ ਨੂੰ ਪੰਚਕੂਲਾ ਤੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਠੱਗੀ ਦੀ ਰਕਮ ਮੁਲਜ਼ਮ ਨੇ ਆਪਣੇ ਐਸ਼ੋ-ਆਰਾਮ ’ਤੇ ਖਰਚ ਕੀਤੀ ਹੈ। ਫਿਲਹਾਲ ਰਿਮਾਂਡ ਦੌਰਾਨ ਠੱਗੀ ਦੀ ਰਕਮ ਬਰਾਮਦ ਕਰਨ ਅਤੇ ਪੂਰੇ ਮਾਮਲੇ ਦੀ ਜਾਂਚ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।

