ਕੁਝ ਘੰਟਿਆਂ ’ਚ ਹੀ ਖੁੱਲ੍ਹ ਗਿਆ ਪਾਈਪਲਾਈਨ ਦਾ ਜੋੜ, ਗਲੀ ’ਚ ਨਦੀ ਵਾਂਗ ਵਗਿਆ ਪਾਣੀ

DILBAG SINGH KAMBOJ

ਸਵੇਰੇ 4:30 ਵਜੇ ਲੋਕਾਂ ਨੇ ਖੁਦ ਸੰਭਾਲੇ ਹਾਲਾਤ; ਠੇਕੇਦਾਰ ਦੇ ਜਵਾਬ ’ਤੇ ਉੱਠੇ ਕੰਮ ਦੀ ਗੁਣਵੱਤਾ ਅਤੇ ਜਵਾਬਦੇਹੀ ਸਬੰਧੀ ਸਵਾਲ

ਬਲਟਾਣਾ, 4 ਅਕਤੂਬਰ:
ਪਿੰਡ ਬਲਟਾਣਾ ਵਿੱਚ ਪਾਈ ਗਈ ਨਵੀਂ ਪਾਈਪਲਾਈਨ ਦੇ ਜੋੜ ਕੁਝ ਹੀ ਘੰਟਿਆਂ ਬਾਅਦ ਖੁੱਲ੍ਹ ਜਾਣ ਕਾਰਨ ਸਵੇਰੇ ਤੜਕੇ ਗਲੀ ਵਿੱਚ ਪਾਣੀ ਨਦੀ ਵਾਂਗ ਵਗਣ ਲੱਗ ਪਿਆ। ਐਤਵਾਰ ਦੀ ਸਵੇਰ ਕਰੀਬ 4:30 ਵਜੇ ਮੰਗਤ ਰਾਮ ਬਲਟਾਣਾ ਅਤੇ ਸਾਂਝੀ ਖਬਰ ਦੇ ਪੱਤਰਕਾਰ ਦਿਲਬਾਗ ਸਿੰਘ ਕੰਬੋਜ ਨੇ ਮੌਕੇ ਦੇ ਹਾਲਾਤ ਦੇਖਦਿਆਂ ਖੁਦ ਲੀਕ ਹੋ ਰਹੇ ਜੋੜ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪਾਣੀ ਦਾ ਵਹਾਅ ਨਹੀਂ ਰੁਕਿਆ ਤਾਂ ਪਾਣੀ ਦੀ ਸਪਲਾਈ ਬੰਦ ਕਰਨੀ ਪਈ।

ricela

ਇਸ ਕਾਰਨ ਸਵੇਰੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਸਥਿਤੀ ਸੰਭਾਲਣ ਲਈ ਡੇਲੀ ਸਾਂਝੀ ਖਬਰ ਟੀਮ ਵੱਲੋਂ ਸਬੰਧਤ ਠੇਕੇਦਾਰ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ।

ਪੱਤਰਕਾਰ ਦਿਲਬਾਗ ਸਿੰਘ ਕੰਬੋਜ ਮੁਤਾਬਕ, ਜਦੋਂ ਠੇਕੇਦਾਰ ਨੂੰ ਸਵੇਰੇ ਹੀ ਮੌਕੇ ’ਤੇ ਆ ਕੇ ਜੋੜ ਠੀਕ ਕਰਨ ਜਾਂ ਆਪਣਾ ਪਲੰਬਰ ਭੇਜਣ ਦੀ ਬੇਨਤੀ ਕੀਤੀ ਗਈ ਤਾਂ ਕਥਿਤ ਤੌਰ ’ਤੇ ਠੇਕੇਦਾਰ ਵੱਲੋਂ ਕਿਹਾ ਗਿਆ ਕਿ “ਤੁਸੀਂ ਜੋ ਛਾਪਣਾ ਹੈ ਛਾਪੋ, ਸਾਡਾ 11 ਵਜੇ ਦਾ ਟਾਈਮ ਹੈ।” ਇਸ ਤੋਂ ਇਲਾਵਾ ਪਲੰਬਰ ਬਾਰੇ ਪੁੱਛਣ ’ਤੇ ਵੀ ਕਥਿਤ ਤੌਰ ’ਤੇ ਕਿਹਾ ਗਿਆ ਕਿ ਪਲੰਬਰ 11 ਵਜੇ ਤੋਂ ਪਹਿਲਾਂ ਨਹੀਂ ਆਵੇਗਾ।

ਇਸ ਮਾਮਲੇ ਨੇ ਹੁਣ ਸਿੱਧੇ ਤੌਰ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਜੇਕਰ ਪਾਈਪਲਾਈਨ ਦਾ ਕੰਮ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਜੋੜ ਖੁੱਲ੍ਹ ਜਾਂਦਾ ਹੈ ਤਾਂ ਕੀ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਉਸ ਦੀ ਢੰਗ ਨਾਲ ਜਾਂਚ ਕੀਤੀ ਗਈ ਸੀ? ਕੀ ਜੋੜਾਂ ਦੀ ਮਜ਼ਬੂਤੀ ਚੈੱਕ ਕੀਤੀ ਗਈ ਸੀ? ਅਤੇ ਕੰਮ ਦੀ ਗੁਣਵੱਤਾ ਦੀ ਜ਼ਿੰਮੇਵਾਰੀ ਕਿਸ ਦੀ ਹੈ?

ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਕੰਮ ਕਰਵਾਉਣ ਤੋਂ ਬਾਅਦ ਉਸ ਦੀ ਢੰਗ ਨਾਲ ਨਿਗਰਾਨੀ ਅਤੇ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਕੰਮ-ਚਲਾਊ ਢੰਗ ਦੀ ਬਜਾਏ ਪ੍ਰੋਫੈਸ਼ਨਲ ਅਤੇ ਤਜਰਬੇਕਾਰ ਪਲੰਬਰਾਂ ਰਾਹੀਂ ਕੰਮ ਕਰਵਾਇਆ ਜਾਵੇ।

ਡੇਲੀ ਸਾਂਝੀ ਖਬਰ ਟੀਮ ਵੱਲੋਂ ਦੱਸਿਆ ਗਿਆ ਕਿ ਠੇਕੇਦਾਰ ਵੱਲੋਂ ਤੁਰੰਤ ਮੌਕੇ ’ਤੇ ਮਦਦ ਨਾ ਮਿਲਣ ਕਾਰਨ ਹਾਲਾਤਾਂ ਨੂੰ ਸਥਾਨਕ ਪੱਧਰ ’ਤੇ ਸੰਭਾਲਣਾ ਪਿਆ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਾਰਕਰਤਾ ਸੁਖਚੈਨ ਸਿੰਘ ਬਲਟਾਣਾ ਵੀ ਮੌਕੇ ’ਤੇ ਪਹੁੰਚੇ ਅਤੇ ਕੰਮ ਮੁੜ ਸ਼ੁਰੂ ਕਰਵਾਉਣ ਵਿੱਚ ਸਹਿਯੋਗ ਦਿੱਤਾ। ਜੋੜ ਠੀਕ ਹੋਣ ਤੋਂ ਬਾਅਦ ਪਾਣੀ ਦੀ ਸਪਲਾਈ ਮੁੜ ਚਾਲੂ ਕਰਵਾਈ ਗਈ ਅਤੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਾਇਆ ਗਿਆ।

ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਮਾਮਲੇ ਸਬੰਧੀ ਨਗਰ ਕੌਂਸਲ ਜ਼ੀਰਕਪੁਰ ’ਤੇ ਕੋਈ ਦੋਸ਼ ਨਹੀਂ ਲਗਾਇਆ ਜਾ ਰਿਹਾ। ਸਵਾਲ ਸਬੰਧਤ ਕੰਮ ਦੀ ਗੁਣਵੱਤਾ, ਠੇਕੇਦਾਰ ਦੀ ਜ਼ਿੰਮੇਵਾਰੀ ਅਤੇ ਕੰਮ ਦੀ ਨਿਗਰਾਨੀ ਨੂੰ ਲੈ ਕੇ ਹਨ।

ਇਲਾਕਾ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਈਪਲਾਈਨ ਦੇ ਜੋੜਾਂ ਅਤੇ ਕੀਤੇ ਗਏ ਕੰਮ ਦੀ ਗੁਣਵੱਤਾ ਦੀ ਜਾਂਚ ਕਰਵਾਏ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿੱਚ ਲੋਕਾਂ ਨੂੰ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Tags: #ਕੁਝ ਘੰਟਿਆਂ ’ਚ ਹੀ ਖੁੱਲ੍ਹ ਗਿਆ ਪਾਈਪਲਾਈਨ ਦਾ ਜੋੜ
ਇਹ ਖਬਰ ਸ਼ੇਅਰ ਕਰੋ:

ਹੋਰ ਖਬਰਾਂ ਪੜ੍ਹੋ